ਪੰਜਾਬ ਦਾ ੲਿਨਾਮੀ ਗੈਂਗਸਟਰ ਪੁਲਿਸ ਮੁਕਬਾਲੇ ‘ਚ ਢੇਰ….!

616

ਡੱਬਵਾਲੀ ਦੇ ਪਿੰਡ ਚੌਟਾਲਾ ਨੇੜੇ ਪੰਜਾਬ ਦਾ ਇਨਾਮੀ ਗੈਂਗਸਟਰ ਜਗਸੀਰ ਸੀਰਾ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ। ਇਹ ਮੁਕਾਬਲਾ ਉਸ ਸਮੇਂ ਹੋਇਆ ਜਦੋਂ ਸਿਰਸਾ ਵਿਚ ਜਨਨਾਇਕ ਜਨਤਾ ਪਾਰਟੀ ਦੇ ਆਗੂ ਅਤੇ ਐਸ.ਐਸ. ਬੋਰਡ ਦੇ ਸਾਬਕਾ ਚੇਅਰਮੈਨ ਅਮੀਰ ਚਾਵਲਾ ਦੇ ਲੜਕੇ ਕਰਣ ਚਾਵਲਾ ਤੋਂ ਗੱਡੀ ਲੁੱਟਣ ਉਪਰੰਤ ਗੈਂਗਸਟਰ ਫਰਾਰ ਹੋ ਰਹੇ ਸਨ। ਸਿਰਸਾ ਵਿਚ ਘਰ ਤੋਂ ਸਿਰਫ਼ 500 ਮੀਟਰ ਪਹਿਲਾਂ ਬਰਨਾਲਾ ਰੋਡ ‘ਤੇ ਪੀ.ਡਬਲਿਊ.ਡੀ. ਰੈਸਟ ਹਾਊਸ ਨੇੜੇ ਕੁਝ ਲੁਟੇਰਿਆਂ ਨੇ ਉਸ ਦਾ ਰਸਤਾ ਰੋਕਿਆ। ਲੁਟੇਰਿਆਂ ਨੇ ਕਰਣ ਚਾਵਲਾ ਤੋਂ ਪਿਸਤੌਲ ਦਿਖਾ ਕੇ ਗੱਡੀ ਖੋਹ ਲਈ ਅਤੇ ਫ਼ਰਾਰ ਹੋ ਗਏ। ਕਰਣ ਚਾਵਲਾ ਨੇ ਤੁਰਤ ਪੁਲਿਸ ਕੰਟਰੋਲ ਰੂਮ ‘ਚ ਗੱਡੀ ਲੁੱਟਣ ਬਾਰੇ ਸੂਚਨਾ ਦਿੱਤੀ। ਹਰਕਤ ‘ਚ ਆਈ ਪੁਲਿਸ ਨੇ ਖ਼ੇਤਰ ‘ਚ ਨਾਕੇਬੰਦੀ ਕਰਵਾਈ। ਫਾਰਚੂਨਰ ਜਿਵੇਂ ਹੀ ਪਿੰਡ ਚੌਟਾਲਾ ਦੇ ਨੇੜੇ ਰਾਜਸਥਾਨ-ਹਰਿਆਣਾ ਹੱਦ ‘ਤੇ ਪੁੱਜੀ ਤਾਂ ਚੌਟਾਲਾ ਚੌਕੀ ਪੁਲਿਸ ਨੇ ਗੱਡੀ ਨੂੰ ਰੁਕਵਾਉਣ ਦੀ ਕੋਸ਼ਿਸ਼ ਕੀਤੀ ਪਰ ਗੱਡੀ ‘ਚ ਸਵਾਰ ਲੁਟੇਰਿਆਂ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਤਾਂ ਇਸੇ ਦੌਰਾਨ ਇਕ ਗੋਲੀ ਗੈਂਗਸਟਰ ਜਗਸੀਰ ਸੀਰਾ ਦੇ ਸਿਰ ‘ਚ ਲੱਗੀ। ਇਸ ਦੇ ਬਾਅਦ ਫਾਰਚੂਨਰ ਬੇਕਾਬੂ ਹੋ ਕੇ ਦਰੱਖਤ ‘ਚ ਜਾ ਵੱਜੀ। ਗੱਡੀ ‘ਚ ਸਵਾਰ ਨੱਥੇਵਾਲ (ਬਾਘਾ ਪੁਰਾਣਾ) ਦਾ ਵਾਸੀ ਲਖਵਿੰਦਰ ਗੱਡੀ ਦਾ ਸ਼ੀਸ਼ਾ ਤੋੜ ਕੇ ਮੌਕੇ ਤੋਂ ਭੱਜਣ ‘ਚ ਸਫ਼ਲ ਹੋ ਗਿਆ। ਪੁਲਿਸ ਦੀ ਗੋਲੀ ਸਿਰ ‘ਚ ਲੱਗਣ ਕਰਕੇ ਜਗਸੀਰ ਸੀਰਾ ਦੀ ਮੌਤ ਹੋ ਗਈ। ਮਾਰਿਆ ਗਿਆ ਗੈਂਗਸਟਰ ਜਗਸੀਰ ਸੀਰਾ ਵਾਸੀ ਭੇਖਾ (ਜ਼ਿਲ੍ਹਾ ਮੋਗਾ) ਦਾ ਰਹਿਣ ਵਾਲਾ ਹੈ,ਜਿਸ ‘ਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਰਾਜਸਥਾਨ ‘ਚ ਹੱਤਿਆ, ਲੁੱਟ-ਖੋਹ ਤੋਂ ਇਲਾਵਾ ਕਰੀਬ 33 ਮਾਮਲੇ ਦਰਜ ਹਨ। ਮਿਲੀ ਜਾਣਕਾਰੀ ਮੁਤਾਬਕ ਕਰਣ ਚਾਵਲਾ ਦੇਰ ਰਾਤ ਕਰੀਬ ਸਵਾ 11 ਵਜੇ ਆਪਣੀ ਫਾਰਚੂਨਰ ਗੱਡੀ ‘ਤੇ ਘਰ ਜਾ ਰਿਹਾ ਸੀ।